
ਸੋਮਵਾਰ ਨੂੰ ਸਕੂਲ ਖੁੱਲ੍ਹਣ ਦੀ ਸੰਭਾਵਨਾ, ਜ਼ਿਲ੍ਹਾ ਸਿੱਖਿਆ ਅਫਸਰ ਨੇ ਹੜ੍ਹ ਪ੍ਰਭਾਵਿਤ ਸਰਕਾਰੀ ਸਕੂਲਾਂ ਦਾ ਮੁਆਇਨਾ ਕੀਤਾ
ਅੰਮ੍ਰਿਤਸਰ: ਪਿਛਲੇ ਕੁਝ ਦਿਨਾਂ ਤੋਂ ਰਾਵੀ ਦਰਿਆ ਅਤੇ ਸੱਕੀ ਨਾਲੇ ਵਿੱਚ ਵਧੇ ਪਾਣੀ ਦੇ ਪ੍ਰਵਾਹ ਕਾਰਨ ਉਭਰੀ ਹੜ੍ਹ ਦੀ ਸਥਿਤੀ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਖੇਤਰਾਂ ਵਿੱਚ ਸਥਿਤ ਜ਼ਿਆਦਾਤਰ ਸਰਕਾਰੀ ਸਕੂਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਸਬੰਧ ਵਿੱਚ ਅਜਨਾਲਾ ਤਹਿਸੀਲ ਅਧੀਨ ਪੈਂਦੇ ਸਿੱਖਿਆ ਬਲਾਕ ਅਜਨਾਲਾ-2 ਅਤੇ ਚੋਗਾਵਾਂ-2 ਵਿੱਚ ਹੜ੍ਹ ਪ੍ਰਭਾਵਿਤ ਸਰਕਾਰੀ ਸਕੂਲਾਂ ਦੇ ਢਾਂਚੇ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਸਿੱਖਿਆ ਵਿਭਾਗ ਅੰਮ੍ਰਿਤਸਰ ਦੀ ਟੀਮ, ਜਿਸ ਵਿੱਚ ਰਜੇਸ਼ ਕੁਮਾਰ ਸਰਮਾ (ਜ਼ਿਲ੍ਹਾ ਸਿੱਖਿਆ ਅਫਸਰ, ਸੈਕੰਡਰੀ), ਕੰਵਲਜੀਤ ਸਿੰਘ (ਜ਼ਿਲ੍ਹਾ ਸਿੱਖਿਆ ਅਫਸਰ, ਐਲੀਮੈਂਟਰੀ), ਰਜੇਸ਼ ਖੰਨਾ (ਡਿਪਟੀ ਡੀ.ਈ.ਓ.), ਰਾਜਪਾਲ ਸਿੰਘ (ਸੀਨੀਅਰ ਸਹਾਇਕ, ਅਜਨਾਲਾ-2), ਪਰਮਿੰਦਰ ਸਿੰਘ (ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ), ਅਤੇ ਰਾਜ ਕੁਮਾਰ (ਕੰਪਿਊਟਰ ਅਧਿਆਪਕ, ਚਮਿਆਰੀ) ਸ਼ਾਮਲ ਸਨ, ਨੇ ਪ੍ਰਭਾਵਿਤ ਸਕੂਲਾਂ ਦਾ ਦੌਰਾ ਕੀਤਾ। ਟੀਮ ਨੇ ਹੜ੍ਹ ਅਤੇ ਭਾਰੀ ਮੀਂਹ ਨਾਲ ਪ੍ਰਭਾਵਿਤ ਸਰਕਾਰੀ ਸਕੂਲਾਂ ਜਿਵੇਂ ਕਿ ਹਰੜ ਖੁਰਦ, ਕੋਟਲੀ ਅੰਬ, ਗੁਜਰਪੁਰਾ, ਤਲਵੰਡੀ ਰਾਏ ਦਾਦੂ, ਚੱਕ ਔਲ, ਡੱਬਰ, ਪੂੰਗਾ, ਜਸਰਾਊਰ, ਭਿੰਡੀ ਸੈਦਾਂ, ਕੋਟ ਸਿੱਧੂ, ਕੜਿਆਲ, ਸਰਕਾਰੀ ਮਿਡਲ ਸਕੂਲ ਕੋਟਲੀ ਅੰਬ, ਤਲਵੰਡੀ ਰਾਏ ਦਾਦੂ, ਸ਼ਾਹਪੁਰ, ਸਰਕਾਰੀ ਹਾਈ ਸਕੂਲ ਕੜਿਆਲ, ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੰਡੀ ਸੈਦਾਂ, ਓਠੀਆਂ ਦਾ ਮੁਆਇਨਾ ਕਰਕੇ ਨੁਕਸਾਨ ਦਾ ਅਨੁਮਾਨ ਲਗਾਇਆ। ਅੰਮ੍ਰਿਤਸਰ ਮੁੱਖ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਜੇਸ਼ ਕੁਮਾਰ ਸਰਮਾ, ਕੰਵਲਜੀਤ ਸਿੰਘ, ਅਤੇ ਰਜੇਸ਼ ਖੰਨਾ ਨੇ ਦੱਸਿਆ ਕਿ ਹੜ੍ਹਾਂ ਕਾਰਨ ਅਜਨਾਲਾ ਅਤੇ ਲੋਪੋਕੇ ਤਹਿਸੀਲਾਂ ਅਧੀਨ ਸਰਕਾਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।