ਨੇਪਾਲ ਦੇ ਪ੍ਰਧਾਨ ਮੰਤਰੀ ਓਲੀ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਮੰਗਲਵਾਰ (9 ਸਤੰਬਰ) ਨੂੰ ਅਪਣਾ ਅਹੁਦਾ ਛੱਡ ਦਿੱਤਾ। ਫੌਜ ਦੇ ਮੁਖੀ ਜਨਰਲ ਅਸ਼ੋਕ ਰਾਜ ਸਿਗਡੇਲ ਨੇ ਉਨ੍ਹਾਂ ਨੂੰ ਤਜਵੀਜ਼ ਦਿੱਤੀ ਸੀ ਕਿ ਉਹ ਕੁਰਸੀ ਤੋਂ ਹਟ ਜਾਣ, ਕਿਉਂਕਿ ਇਸ ਨਾਲ ਹੀ ਹਾਲਾਤ ਸੰਭਲ ਸਕਦੇ ਹਨ। ਇਸੇ ਦੌਰਾਨ, ਨੇਪਾਲ ਦੀ Gen-Z ਪੀੜ੍ਹੀ ਸੋਸ਼ਲ ਮੀਡੀਆ ਐਪਸ 'ਤੇ ਲਗਾਈ ਪਾਬੰਦੀ ਦਾ ਖੁੱਲ੍ਹ ਕੇ ਵਿਰੋਧ ਕਰ ਰਹੀ ਹੈ। ਪ੍ਰਦਰਸ਼ਨਾਂ ਦੌਰਾਨ ਲੋਕਾਂ ਨੇ ਰਾਸ਼ਟਰਪਤੀ ਨਿਵਾਸ ਨੂੰ ਅੱਗ ਲਗਾ ਦਿੱਤੀ।
ਦੇਸ਼ ਦੇ ਗੰਭੀਰ ਸਿਆਸੀ ਸੰਕਟ ਨੂੰ ਦੇਖਦੇ ਹੋਏ, ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਵੀ ਓਲੀ ਦਾ ਅਸਤੀਫਾ ਮੰਨ ਲਿਆ। ਇਸ ਵੇਲੇ ਓਲੀ ਦੀ ਸੁਰੱਖਿਆ ਨੇਪਾਲੀ ਫੌਜ ਦੇ ਹਵਾਲੇ ਹੈ।
ਓਲੀ ਦੇ ਅਸਤੀਫ਼ੇ ਵਿੱਚ ਲਿਖਿਆ ਗਿਆ
ਆਪਣੇ ਅਸਤੀਫ਼ੇ ਵਿੱਚ ਓਲੀ ਨੇ ਰਾਸ਼ਟਰਪਤੀ ਨੂੰ ਲਿਖਿਆ:
"ਮਾਨਯੋਗ ਰਾਸ਼ਟਰਪਤੀ ਜੀ, ਨੇਪਾਲ ਦੇ ਸੰਵਿਧਾਨ ਦੀ ਧਾਰਾ 76(2) ਅਨੁਸਾਰ 31 ਅਸਦ 2081 ਬੀਸੀ ਨੂੰ ਮੈਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ। ਦੇਸ਼ ਵਿੱਚ ਬਣੀ ਅਸਧਾਰਨ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਮੈਂ ਅੱਜ ਤੋਂ ਸੰਵਿਧਾਨ ਦੀ ਧਾਰਾ 77(1)(ਏ) ਮੁਤਾਬਕ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ, ਤਾਂ ਜੋ ਸੰਵਿਧਾਨਿਕ ਰਾਹੀਂ ਰਾਜਨੀਤਿਕ ਤੇ ਹੋਰ ਸਮੱਸਿਆਵਾਂ ਦਾ ਹੱਲ ਲੱਭਿਆ ਜਾ ਸਕੇ।"
ਕੇਪੀ ਸ਼ਰਮਾ ਓਲੀ ਪਹਿਲੀ ਵਾਰ 2015 ਵਿੱਚ ਪ੍ਰਧਾਨ ਮੰਤਰੀ ਬਣੇ ਅਤੇ ਅਕਤੂਬਰ 2015 ਤੋਂ ਅਗਸਤ 2016 ਤੱਕ ਪਦ 'ਤੇ ਰਹੇ। ਉਸ ਸਮੇਂ ਸਮਰਥਨ ਘਟਣ ਕਾਰਨ ਉਨ੍ਹਾਂ ਨੂੰ ਹਟਣਾ ਪਿਆ। ਦੂਜੀ ਵਾਰ ਉਹ 2018 ਵਿੱਚ ਸੱਤਾ ਵਿੱਚ ਆਏ ਅਤੇ ਫਰਵਰੀ 2018 ਤੋਂ ਮਈ 2021 ਤੱਕ ਪ੍ਰਧਾਨ ਮੰਤਰੀ ਰਹੇ। ਤਿੰਨ ਸਾਲ 88 ਦਿਨ ਦੇ ਬਾਅਦ ਫਿਰ ਅਸਤੀਫ਼ਾ ਦੇਣਾ ਪਿਆ। ਤੀਜੀ ਵਾਰ ਉਹ ਜੁਲਾਈ 2024 ਤੋਂ ਅਗਸਤ 2025 ਤੱਕ ਪ੍ਰਧਾਨ ਮੰਤਰੀ ਰਹੇ।
ਫੌਜ ਮੁਖੀ ਅਸ਼ੋਕ ਰਾਜ ਸਿਗਡੇਲ ਨੇ ਪਹਿਲਾਂ ਹੀ ਓਲੀ ਨੂੰ ਸਪਸ਼ਟ ਕਰ ਦਿੱਤਾ ਸੀ ਕਿ "ਜੇ ਤੁਸੀਂ ਸੱਤਾ ਛੱਡ ਦਿੰਦੇ ਹੋ, ਤਾਂ ਹੀ ਹਾਲਾਤ ਕਾਬੂ ਵਿੱਚ ਆਉਣਗੇ।"